Thursday 17 November 2011

Sant Karam Singh Ji Rara sahib




ਗੁਰਬਾਣੀ ਦੇ ਹੁਕਮ ਅਨੁਸਾਰ ਕਥਨੀ ਤੇ ਕਰਨੀ ਦੇ ਪੂਰੇ ਐਸੇ ਸਨ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ। ਆਪ ਜੀ ਦਾ ਜਨਮ ਪਿੰਡ ਕੌੜੇ ਤਹਿ. ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਮਹਿਤਾ ਚੌਂਕ ਤੋਂ ਹਰਗੋਬਿੰਦਪੁਰਾ ਵਾਲੀ ਸੜਕ ਤੋਂ ਤਕਰੀਬਨ 12 ਕਿਲੋਮੀਟਰ ਤੇ ਮੇਨ ਸੜਕ ਤੋਂ ਲਿੰਕ ਸੜਕ ਤੇ ਤਕਰੀਬਨ 1 ਕਿਲੋਮੀਟਰ ਪਿੱਛੇ ਹਟਕੇ ਹੈ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਜਿਤ ਗੁਰ ਜਾਣਿਆ ਮਾਏ। ਗੁਰਬਾਣੀ ਦੇ ਕਥਨ ਅਨੁਸਾਰ ਪਿਤਾ ਬਾਬਾ ਸ਼ਾਮ ਸਿੰਘ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੁਰਦੀਪ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ। ਆਪ ਜੀ ਨੂੰ ਪ੍ਰਭੂ ਭਗਤੀ ਦੀ ਲਗਨ ਜਨਮ ਤੋਂ ਹੀ ਸੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਖਿਚ ਦਿਨ ਪ੍ਰਤੀ ਦਿਨ ਵੱਧਦੀ ਗਈ ਪਰ ਕਿੱਥੋਂ ਤੇ ਕਿਸ ਤਰ੍ਹਾਂ ਪ੍ਰਾਪਤੀ ਹੋਵੇ ਇਸੇ ਜੱਦੋ ਜਹਿਦ ਵਿੱਚ ਤਕਰੀਬਨ 12-13 ਸਾਲ ਲੰਘ ਗਏ। ਇੱਕ ਦਿਨ ਖੇਤਾਂ ਵਿੱਚ ਪੱਠੇ ਲੈਣ ਗਏ, ਸਤਿਗੁਰਾਂ ਨੇ ਐਸੀ ਖਿੱਚ ਪਾਈ ਕਿ ਘਰ ਦੀ ਬਜਾਏ ਬਾਬਾ ਬਕਾਲੇ ਵੱਲ ਤੁਰ ਪਏ। ਕੁਝ ਦਿਨ ਆਪ ਇੱਥੇ ਰਹੇ ਫਿਰ ਅੱਗੇ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਫਿਰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇੱਥੇ ਇੱਕ ਵਿਰਕਤ ਸਾਧੂ ਨਾਲ ਮਿਲਾਪ ਹੋਇਆ। ਇਸ ਮਹਾਤਮਾ ਜੀ ਨੂੰ ਆਪ ਜੀ ਨੇ ਆਪਣੇ ਮੰਤਵ ਦੀ ਪੂਰਤੀ ਲਈ ਬੇਨਤੀ ਕੀਤੀ। ਇਨ੍ਹਾਂ ਨੇ ਆਪ ਜੀ ਦੇ ਮਨ ਦੀ ਵਹਿਬਲਤਾ ਵੇਖ ਆਪ ਜੀ ਨੂੰ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਪਾਸ ਜਾਣ ਦੀ ਸਲਾਹ ਦਿੱਤੀ। ਇੱਥੋਂ ਆਪ ਰੇਰੂ ਸਾਹਿਬ ਹੁੰਦੇ ਹੋਏ ਰਾੜਾ ਸਾਹਿਬ ਪਹੁੰਚੇ। ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰ ਅਤੇ ਨਾਮ ਸਿਮਰਨ ਦੀਆਂ ਜੁਗਤੀਆਂ ਪ੍ਰਾਪਤ ਕੀਤੀਆਂ। ਆਪ ਜੀ ਲੰਗਰ ਦੀ ਸੇਵਾ ਅਤੇ ਖੇਤੀਬਾੜੀ ਦੀ ਸੇਵਾ ਵਿੱਚ ਲੱਗ ਗਏ। ਕੁਝ ਸਮੇਂ ਬਾਅਦ ਆਪ ਜੀ ਨੇ ਗੁਰਬਾਣੀ ਦੀ ਸੰਥਿਆ ਅਤੇ ਗਿਆਨ ਮਾਰਗ ਦੀ ਇੱਛਾ ਸ੍ਰੀ ਮਾਨ ਸੰਤ ਈਸ਼ਰ ਸਿੰਘ ਮਹਾਰਾਜ ਜੀ ਕੋਲ ਪ੍ਰਗਟ ਕੀਤੀ। ਬਾਬਾ ਜੀ ਦੇ ਹੁਕਮ ਅਨੁਸਾਰ ਆਪ ਜੀ ਨੇ 1 ਸਾਲ ਦੇ ਲਗਭਗ ਗਿਆਨੀ ਬਲਬੀਰ ਸਿੰਘ ਜੀ ਸੁਖਨਾ ਛੰਨਾ ਵਾਲਿਆਂ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਫਿਰ ਸੰਤ ਅਮੀਰ ਸਿੰਘ ਜੀ ਡੇਰਾ ਸੱਤੋ ਵਾਲੀ ਗਲੀ ਸ੍ਰੀ ਅੰਮ੍ਰਿਤਸਰ ਵਿਖੇ ਗੁਰੁ ਗ੍ਰੰਥ ਸਾਹਿਬ ਜੀ ਦੀ ਅਰਥਾਂ ਸਮੇਤ ਸੰਥਿਆ ਕੀਤੀ ਅਤੇ ਸਮਾਂ ਕੱਢ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ। ਇੱਥੇ ਹੀ ਆਪ ਜੀ ਦਾ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਨਾਮ ਮੇਲ ਹੋਇਆ ਕਿੳਂਕਿ ਉਹ ਵੀ ਉਸ ਸਮੇਂ ਇਸੇ ਡੇਰੇ ਤੋਂ ਵਿੱਦਿਆ ਪ੍ਰਾਪਤ ਕਰ ਰਹੇ ਸਨ। ਇਸ ਤੋਂ ਉਪਰੰਤ ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਗਿਆਨੀ ਚੰਨਣ ਸਿੰਘ ਜੀ ਤੋਂ ਅਰਥਾਂ ਸਹਿਤ ਰਾਜਨੀਤਿਕ ਅਤੇ ਵੇਦਾਂ ਦੇ ਛੋਟੇ ਛੋਟੇ ਗ੍ਰੰਥ ਪੜੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਨਾਲ ਪਾਠ ਕਰਦੇ ਰਹੇ। ਇਸ ਤੋਂ ਬਾਅਦ ਆਪ ਜੀ ਨੇ ਮਹਾਨ ਤਪਸਵੀ ਸੰਤ ਗਿਆਨੀ ਵਰਿਆਮ ਸਿੰਘ ਜੀ ਧੂਰਕੋਟ (ਬਰਨਾਲਾ) ਵਾਲਿਆਂ ਪਾਸੋਂ ਵਿਚਾਰ ਸਾਗਰ ਅਤੇ ਵਿਦਾਂਤ ਦੇ ਗੰ੍ਰਥਾਂ ਦੀ ਵਿੱਦਿਆ ਪ੍ਰਾਪਤ ਕੀਤੀ। ਸ੍ਰੀ ਮਾਨ ਸੰਤ ਗਿਆਨੀ ਵਰਿਆਮ ਸਿੰਘ ਜੀ ਦਾ ਵੀ ਆਪ ਜੀ ਨਾਲ ਬਹੁਤ ਪ੍ਰੇਮ ਸੀ ਅਤੇ ਉਨਾਂ ਤੋਂ ਵੀ ਆਪ ਜੀ ਨੂੰ ਬਖਸ਼ੀਸ਼ਾਂ ਪ੍ਰਾਪਤ ਹੋਈਆਂ। ਇੱਥੋਂ ਆਪ ਜੀ ਨੂੰ ਪਿੰਡ ਜੱਸੜਵਾਲ ਦੀ ਸੰਗਤ ਮਹਾਂਪੁਰਸ਼ ਸੰਤ ਗਿਆਨੀ ਵਰਿਆਮ ਸਿੰਘ ਜੀ ਪਾਸੋਂ ਬੇਨਤੀ ਕਰਕੇ ਲੈ ਗਈ। ਇੱਥੇ ਵੀ ਆਪ ਜੀ ਨੇ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਕਰਕੇ ਗੁਰੂ ਜਸ ਦਾ ਲਾਹਾ ਖੱਟਦੇ ਰਹੇ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਦੇ ਰਹੇ। ਆਪ ਜੀ ਰਾਤ ਨੂੰ ਆਰਾਮ ਨਹੀਂ ਸਨ ਕਰਦੇ। ਨੇੜੇ ਇੱਕ ਨਹਿਰ ਦੇ ਕਿਨਾਰੇ ਸਾਰੀ ਸਾਰੀ ਰਾਤ ਪ੍ਰਮੇਸ਼ਰ ਦੀ ਯਾਦ ਵਿੱਚ ਬੈਠੇ ਜਪ ਤਪ ਕਰਦੇ ਰਹਿੰਦੇ ਸਨ। ਅੱਜਕੱਲ ਇੱਥੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਚੌਹਟਾ ਸਾਹਿਬ ਸ਼ਿਸ਼ੋਬਤ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ਅਤੇ ਬੱਚਿਆਂ ਲਈ 10ਵੀਂ ਕਲਾਸ ਤੱਕ ਸਕੂਲ ਵੀ ਖੋਲਿਆ ਗਿਆ। ਜਿੱਥੇ ਗੁਰਬਾਣੀ ਦੀ ਸਿਖਸ਼ਾ ਅਤੇ ਦੁਨਿਆਵੀ ਗਿਆਨ ਦਾ ਪ੍ਰਵਾਹ ਚਲਦਾ ਹੈ। ਇਸ ਸਕੂਲ ਦਾ ਨਾਂ ਦਸ਼ਮੇਸ਼ ਪਬਲਿਕ ਸਕੂਲ ਪਿੰਡ ਜੱਸੜਵਾਲ ਜ਼ਿਲ੍ਹਾ ਸੰਗਰੂਰ ਹੈ। ਇਸ ਤੋਂ ਬਾਅਦ ਆਪ ਜੀ ਫਿਰ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕੋਲ ਸੇਵਾ ਵਿੱਚ ਆ ਗਏ। ਇੱਥੇ ਵੀ ਹਰ ਰੋਜ਼ ਸ਼ਾਮ ਨੂੰ ਸੂਰਜ ਪ੍ਰਕਾਸ਼ ਦੀ ਕਥਾ ਅਤੇ ਕੀਰਤਨ ਕਰਨਾ ਦਿਨੇ ਲੰਗਰ ਖੇਤੀਬਾੜੀ ਦੀ ਸੇਵਾ ਕਰਨੀ। ਆਪ ਜੀ ਦਾ ਸਰੀਰ ਬਹੁਤ ਕਮਾਇਆ ਹੋਇਆ ਸੀ ਅਚਾਨਕ ਬਿਮਾਰ ਹੋ ਗਏ। ਕਾਫੀ ਦਵਾਈਆਂ ਵਗੈਰਾ ਲਈਆਂ ਆਰਾਮ ਨਹੀਂ ਆ ਰਿਹਾ ਸੀ। ਆਪ ਜੀ ਨੇ ਸੋਚਿਆ ਕਿ ਸਰੀਰ ਛੱਡਣ ਵਿੱਚ ਹੀ ਬੇਹਤਰੀ ਹੈ ਪਰ ਵੱਡੇ ਮਹਾਂਪੁਰਸ਼ਾਂ ਨੇ ਕਿਹਾ ਭਾਈ ਤੇਰੇ ਕੋਲੋ ਤਾਂ ਅਸੀਂ ਬਹੁਤ ਕੰਮ ਲੈਣੇ ਹਨ। ਤਕਰੀਬਨ 1 ਸਾਲ ਵਿੱਚ ਆਪ ਜੀ ਠੀਕ ਤਾਂ ਹੋ ਗਏ ਪਰ ਸ਼ੂਗਰ ਹੋ ਗਈ, ਜਿਸ ਕਰਕੇ ਸਰੀਰ ਉਸ ਤਾਵ ਨਹੀਂ ਆ ਸਕਿਆ। ਇਸ ਤੋਂ ਬਾਅਦ ਆਪ ਜੀ ਨੂੰ ਛੋਟੇ ਮਹਾਂਪੁਰਖ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਨੇ ਸੇਵਾ ਵਿੱਚ ਲੈ ਲਿਆ। ਆਪ ਜੀ ਤੇ ਦੋਹਾਂ ਮਹਾਂਪੁਰਸ਼ਾਂ ਦੀਆਂ ਬਹੁਤ ਖੁਸ਼ੀਆਂ ਸਨ। ਉਨਾਂ ਦੇ ਫਲ ਸਰੂਪ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਏ। ਛੋਟੇ ਮਹਾਂਪੁਰਖ ਆਪਣੇ ਮੁਖਾਰ ਬਿੰਦ ਤੋਂ ਉਸਤਤ ਕਰਦੇ ਹੋਏ ਕਹਿੰਦੇ ਸਨ ਕਿ ਡੇਰੇ ਵਿੱਚ ਸਭ ਤੋਂ ਵੱਧ ਵਿਦਵਾਨ ਤੇ ਸਮਾਧੀ ਵਿੱਚ ਬੈਠਣ ਦਾ ਅਭਿਆਸ ਗਿਆਨੀ ਜੀ ਕੋਲ ਹੈ। ਜ਼ਿਆਦਾ ਬੈਠਣ ਕਰਕੇ ਇਨਾਂ ਨੂੰ ਵੀ ਸਾਡੇ ਤਰਾਂ ਸ਼ੂਗਰ ਹੋ ਗਈ ਹੈ। ਆਪ ਜੀ ਕਈ ਵਾਰ ਦੋਹਾਂ ਮਹਾਂਪੁਰਸ਼ਾਂ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਅਤੇ ਕਥਾ ਕੀਰਤਨ ਰਾਹੀਂ ਨਾਮ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਆਪ ਜੀ ਨੇ ਹਜ਼ਾਰਾਂ ਭੁੱਲੇ-ਭਟਕਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ ਅਤੇ ਸਿੱਖ ਸੰਗਤਾਂ ਨੂੰ ਸਾਹਿਬ ਗੁਰੂ ਗੰ੍ਰਥ ਸਾਹਿਬ ਜੀ ਨਾਲ ਜੋੜਿਆ। ਫਿਰ 1986 ਵਿੱਚ ਛੋਟੇ ਮਹਾਰਾਜ ਜੀ ਦੇ ਹੁਕਮ ਅਨੁਸਾਰ ਪਿੰਡ ਭਿਖੀ-ਖੱਟੜਾ, ਜ਼ਿਲ੍ਹਾ ਲੁਧਿਆਣਾ ਜੋ ਕਿ ਰਾੜਾ ਸਾਹਿਬ ਤੋਂ ਮਲੋਦ ਵਾਲੀ ਸੜਕ ਤੇ ਤਕਰੀਬਨ 2 ਕਿਲੋਮੀਟਰ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਜਿਸ ਦਾ ਨਾਮ ਅੱਜ ਕੱਲ ਗੁਰਦੁਆਰਾ ਕਿਸ਼ਨਪੁਰਾ ਸਿੱਧਸਰ ਭਿਖੀ ਖੱਟੜਾ ਕਰਕੇ ਪ੍ਰਸਿੱਧ ਹੈ ਤੇ ਨਾਲ ਹੀ ਇੱਕ ਸਕੂਲ ਦੀ ਇਮਾਰਤ ਬਣਾਈ ਜਿਸ ਦਾ ਨਾਮ ਸੰਤ ਕਿਸ਼ਨ ਸਿੰਘ ਮੈਮੋਰੀਅਲ ਪਬਲਿਕ ਸਕੂਲ ਹੈ। ਸ਼ੂਗਰ ਕਰਕੇ ਗੁਰਦੇ ਵਿੱਚ ਨੁਕਸ ਵਧ ਗਿਆ। ਆਪ ਜੀ ਨੂੰ ਮੌਜੂਦਾ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਆਪਣਾ ਗੁਰਦਾ ਵੀ ਡੋਨੇਟ ਕੀਤਾ ਪਰ ਸਫਲ ਨਾ ਹੋ ਸਕਿਆ। ਸਿੱਖ ਸੰਗਤਾਂ ਦੇ ਰੋਗਾਂ ਨੂੰ ਕੱਟਣ ਵਾਲੇ, ਲਾ ਇਲਾਜਾਂ ਦੇ ਇਲਾਜ ਕਰਨ ਵਾਲੇ, ਬੇਸਹਾਰਿਆਂ ਨੂੰ ਸਹਾਰਾ ਦੇਣ ਵਾਲੇ, 14 ਜੂਨ 1999 ਨੂੰ ਪੰਜ ਭੂਤਕ ਸਰੀਰ ਤਿਆਗ ਕੇ ਬ੍ਰਹਮ ਲੀਨ ਹੋ ਗਏ।

No comments:

Post a Comment